ਆਓ! ਘਰੇਲੂ ਬਗੀਚੀ ਲਗਾਈਏ……..

ਘਰੇਲੂ ਬਗੀਚੀ ਕੀ ਹੈ?

ਘਰ ਵਿੱਚ ਜਾਂ ਘਰ ਦੇ ਨੇੜੇ ਦੀ ਉਹ ਜਗਾ  ਜਿੱਥੇ ਸਬਜ਼ੀਆਂ, ਜੜ੍ਹੀ -ਬੂਟੀਆਂ ਅਤੇ ਕਈ ਵਾਰ ਕੁੱਝ ਫਲ ਉਗਾਏ ਜਾਂਦੇ ਹਨ।

 

ਘਰੇਲੂ ਬਗੀਚੀ ਦੀ ਲੋੜ ਕਿਉਂ ਹੈ?

ਇਹ ਸੁਵਿਧਾਪੂਰਨ ਜਗਾ ਵਿੱਚ ਆਪਣੀ ਪਸੰਦ ਅਤੇ ਲੋੜ ਅਨੁਸਾਰ ਸਬਜ਼ੀਆਂ, ਫਲ ਅਤੇ ਕੁੱਝ ਜੜ੍ਹੀ -ਬੂਟੀਆਂ ਉਗਾ ਸਕਦੇ ਹੋ ਅਤੇ ਜਦ ਲੋੜ ਹੋਵੇ, ਉਹਨਾਂ ਨੂੰ ਤਾਜ਼ੀਆਂ ਵਰਤ ਸਕਦੇ ਹੋ। ਫੁੱਲ ਤੁਹਾਡੇ ਲਈ ਇੱਕ ਵਾਧੂ ਫਾਇਦਾ ਹਨ ਜੋ ਮਿੱਤਰ ਕੀੜਿਆਂ ਨੂੰ ਬੁਲਾਉਂਦੇ ਹਨ ਅਤੇ ਜਿੰਨਾਂ ਨਾਲ ਨਾ ਸਿਰਫ ਬਗੀਚੀ ਵਧੀਆ ਲੱਗਦੀ ਹੈ ਬਲਕਿ ਤੁਸੀ ਉਹਨਾਂ ਨੂੰ ਘਰ ਦੀ ਸਜਾਵਟ ਲਈ ਵੀ ਵਰਤ ਸਕਦੇ ਹੋ।

ਘਰੇਲੂ ਬਗੀਚੀ ਕਿਵੇਂ ਸ਼ੁਰੂ ਕਰੀਏ?

ਕੁੱਝ ਹਿਦਾਇਤਾਂ

 ਕੋਸ਼ਿਸ਼ ਕਰੋ ਕਿ ਜਗਾ ਅਜਿਹੀ ਚੁਣੋ ਜਿੱਥੇ ਤੁਸੀ ਰੋਜ਼ਾਨਾ ਜਾ ਕੇ ਪੌਦਿਆਂ ਨੂੰ ਪਾਣੀ ਅਤੇ ਹੋਰ ਲੋੜੀਂਦੀ ਦੇਖਭਾਲ ਜਿਵੇਂ ਨਦੀਨ ਕੱਢਣਾ, ਫਲ ਤੋੜਨਾ ਆਦਿ ਸਮੇਂ ਸਿਰ ਕਰ ਸਕੋ। ਰੋਜ਼ਾਨਾ ਬਗੀਚੀ ਵਿੱਚ ਜਾਣ ਕਰਕੇ ਤੁਸੀ ਠੀਕ ਸਮੇਂ ਤੇ ਕੀੜਿਆਂ ਦੀ ਸਮੱਸਿਆ ਦਾ ਪਤਾ ਲਗਾ ਕੇ ਉਸਨੂੰ ਸਮੇਂ ਸਿਰ ਕਾਬੂ ਕਰ ਸਕਦੇ ਹੋ। ਪਾਣੀ ਦਾ ਪ੍ਰਬੰਧ ਜਗਾ ਦੇ ਨੇੜੇ ਹੀ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ।

 ਬਗੀਚੀ ਲਾਉਣ ਵਾਲੀ ਥਾਂ ਤੋ ਪੱਥਰ, ਘਾਹ-ਫੂਸ ਆਦਿ ਕੱਢ ਕੇ ਪੱਧਰ ਜਗਾ ਤਿਆਰ ਕਰੋ ਜਿੱਥੇ ਲਗਭਗ ਸਾਰਾ ਦਿਨ ਧੁੱਪ ਅਤੇ ਹਵਾ ਦਾ ਪ੍ਰਸਾਰ ਰਹੇ। ਉਸਤੋਂ ਬਾਅਦ ਮਿੱਟੀ ਵਿੱਚ ਰੂੜ੍ਹੀ ਦੀ ਖਾਦ ਚੰਗੀ ਤਰਾਂ ਮਿਲਾ ਲਉ।

 ਉਹਨਾਂ ਸਬਜ਼ੀਆਂ ਨੂੰ ਉਗਾਉ ਜੋ ਤੁਹਾਨੂੰ ਪਸੰਦ ਹਨ ਅਤੇ ਸਿਹਤ ਲਈ ਚੰਗੀਆਂ ਹਨ। ਉਹਨਾਂ ਸਬਜ਼ੀਆਂ ਨੂੰ ਪਹਿਲ ਦਿਉ ਜੋ ਤਾਜ਼ੀਆਂ ਖਾਣ ਤੇ ਵਧੀਆ ਸੁਆਦ ਦਿੰਦੀਆ ਹਨ ਜਿਵੇਂ ਮੱਕੀ, ਫਲੀਆਂ ਅਤੇ ਮਟਰ, ਟਮਾਟਰ ਅਤੇ ਪਾਲਕ ਆਦਿ।

 ਉਪਲਬਧ  ਜਗਾ ਦੇ ਅਨੁਸਾਰ ਹੀ ਪੌਦੇ ਲਗਾਉ। ਜਿਵੇਂ ਟਮਾਟਰਾਂ ਦੇ ਲਈ ਘੱਟੋ-ਘੱਟ 2 ਫੁੱਟ, ਕੱਦੂਆਂ ਲਈ 4 ਫੁੱਟ ਦੀ ਜਗਾ ਚਾਹੀਦੀ ਹੈ।

 ਜੇਕਰ ਤੁਹਾਡੇ ਕੋਲ ਘੱਟ ਜਗਾ ਹੈ ਤਾਂ ਇਹੋ ਜਿਹੀਆਂ ਸਬੁਜ਼ੀਆਂ ਦੀ ਚੋਣ ਕਰੋ ਜੋ ਘੱਟ ਥਾਂ ਘੇਰਨ।

 ਮੌਸਮ ਦੇ ਅਨੁਸਾਰ ਸਬਜ਼ੀਆਂ ਦੀ ਸੂਚੀ ਬਣਾਉ।

 ਕੁੱਝ ਸਬਜ਼ੀਆਂ ਦੀ ਬਿਜਾਈ ਸਿੱਧੀ ਕਰਨ ਤੇ ਵਧੀਆਂ ਉੱਗਦੀਆਂ ਹਨ ਜਿਵੇਂ ਫਲੀਆਂ, ਚੁਕੰਦਰ, ਗਾਜਰਾਂ, ਸਲਾਦ, ਮਟਰ, ਕੱਦੂ ਅਤੇ ਸ਼ਲਗਮ।  ਨਾਲ ਹੀ ਪਨੀਰੀ ਲਗਾਉਣ ਨਾਲੋਂ ਸਿੱਧਾ ਬੀਜਣਾ ਸਸਤਾ ਪੈਂਦਾ ਹੈ।

 ਬੈਂਗਣ, ਬ੍ਰੋਕਲੀ, ਸ਼ਿਮਲਾ ਮਿਰਚ, ਟਮਾਟਰ, ਬੰਦ ਗੋਭੀ ਅਤੇ ਫੁੱਲ ਗੋਭੀ ਆਦਿ ਦੀ ਪਨੀਰੀ ਤਿਆਰ ਕਰਕੇ ਲਗਾਉਣੀ ਚਾਹੀਦੀ ਹੈ। ਖੀਰੇ ਆਦਿ ਨੂੰ ਸਿੱਧਾ ਜਾਂ ਪਨੀਰੀ ਤਿਆਰ ਕਰਕੇ ਬੀਜਿਆ ਜਾ ਸਕਦਾ ਹੈ।

 ਜੇਕਰ ਤੁਸੀ ਪਹਿਲਾਂ ਹੀ ਸਬਜ਼ੀਆਂ ਉਗਾ ਰਹੇ ਹੋ ਤਾਂ ਕੁੱਝ ਜੜ੍ਹੀ -ਬੂਟੀਆ, ਫਲ ਅਤੇ ਫੁੱਲ ਲਗਾਉਣ ਬਾਰੇ ਸੋਚ ਸਕਦੇ ਹੋ। ਇਸ ਨਾਲ ਨਾ ਸਿਰਫ ਤੁਹਾਨੂੰ ਫਾਇਦਾ ਹੋਵੇਗਾ ਬਲਕਿ ਤੁਹਾਡੇ ਪੌਦਿਆਂ ਨੂੰ ਵੀ ਕੀੜਿਆਂ ਅਤੇ ਰੋਗਾਂ ਤੇ ਕਾਬੂ ਪਾਉਣ ਵਿੱਚ ਮੱਦਦ ਮਿਲੇਗੀ।

ਜਗਾ  ਕਿਵੇਂ ਤਿਆਰ ਕੀਤੀ ਜਾਵੇ?

 ਜਿੱਥੇ ਬਗੀਚੀ ਤਿਆਰ ਕਰਨੀ ਹੈ, ਉਹ ਪਹਿਲਾਂ ਘਾਹ-ਫੂਸ ਸਾਫ ਕਰਕੇ, ਰੋੜੇ ਆਦਿ ਕੱਢ ਕੇ ਪੱਧਰ ਕਰ ਲਉ।

 ਬਗੀਚੀ ਵਾਲੀ ਥਾਂ ਤੇ ਪਾਣੀ ਛੱਡ ਦਿਉ। 2 ਦਿਨ ਏਸੇ ਤਰਾਂ ਪਿਆ ਰਹਿਣ ਦਿਉ। 2 ਦਿਨ ਬਾਅਦ ਮਿੱਟੀ ਚੈੱਕ ਕਰੋ ਅਤੇ ਯਕੀਨੀ ਬਣਾਉ ਕਿ ਇਹ ਜ਼ਿਆਦਾ ਗਿੱਲੀ ਨਾ ਹੋਵੇ। ਇੱਕ ਮੁੱਠੀ ਮਿੱਟੀ ਲਉ ਅਤੇ ਇਸਨੂੰ ਦਬਾਉ। ਜੇਕਰ ਇਹ ਭੁਰਭੁਰੀ ਹੈ ਤਾਂ ਮਿੱਟੀ ਬਿਜਾਈ ਲਈ ਤਿਆਰ ਹੈ, ਜੇਕਰ ਇਹ ਚਿਪਚਿਪੀ ਹੈ ਤਾਂ ਇੱਕ ਜਾਂ 2 ਦਿਨ ਹੋਰ ਉਡੀਕ ਕਰੋ।

 ਗੁਡਾਈ ਕਰੋ ਅਤੇ ਮਿੱਟੀ ਵਿੱਚ ਤਿੰਨ ਇੰਚ ਤੱਕ ਰੂੜ੍ਹੀ ਦੀ ਖਾਦ ਜਾਂ ਕੰਪੋਸਟ ਮਿਲਾਉ। ਕਹੀ ਨਾਲ ਮਿਕਸ ਕਰੋ।

 ਤਿੰਨ ਫੁੱਟ ਚੌੜੇ ਬੈੱਡ ਬਣਾਉ। ਦੋ ਬੈੱਡਾਂ ਵਿਚਕਾਰ ਥੋੜ੍ਹਾ ਰਸਤਾ ਛੱਡੋ।

 ਪਹਿਲੇ ਕੁੱਝ ਹਫ਼ਤਿਆਂ ਤੱਕ, ਜਦ ਪੌਦੇ ਵਿਕਸਿਤ ਹੋ ਰਹੇ ਹੁੰਦੇ ਹਨ, ਰੋਜ਼ ਪਾਣੀ ਦਿਉ। ਬਾਅਦ ਵਿੱਚ ਹਫ਼ਤੇ ਵਿੱਚ ਸਿਰਫ਼ ਦੋ ਵਾਰ ਪਾਣੀ ਦਿਉ।

 ਜ਼ਮੀਨ ਨੂੰ ਜ਼ਰੂਰ ਢਕ ਕੇ ਰੱਖੋ।

ਬਿਜਾਈ

 ਬਿਜਾਈ ਲਈ ਸ਼ਾਮ ਦਾ ਸਮਾਂ ਵਧੀਆ ਮੰਨਿਆ ਜਾਂਦਾ ਹੈ।

 ਕਿਉਕਿ ਸਾਡੇ ਕੋਲ ਜਗਾ ਸੀਮਿਤ ਹੁੰਦੀ ਹੈ ਇਸਲਈ ਸਾਨੂੰ ਉਹ ਚੀਜ਼ਾਂ ਉਗਾਉਣੀਆ ਚਾਹੀਦੀਆਂ ਹਨ ਜੋ ਲਗਭਗ ਰੋਜ ਵਰਤੋ ਵਿੱਚ ਆਉਂਦੀਆਂ ਹੋਣ ਜਿਵੇਂ ਟਮਾਟਰ ਅਤੇ ਮਿਰਚਾਂ ਅਤੇ ਬਜ਼ਾਰ ਤੋ ਖਰੀਦਣੀਆਂ ਮਹਿੰਗੀਆਂ ਪੈਂਦੀਆ ਹੋਣ।

 ਉੱਤਰ-ਦੱਖਣ ਲਾਈਨ ਵਿੱਚ ਬਿਜਾਈ ਕਰਨ ਤੇ ਪੌਦਿਆਂ ਨੂੰ ਲੋੜੀਂਦੀ ਰੌਸ਼ਨੀ ਮਿਲਦੀ ਹੈ। ਸਬਜ਼ੀਆਂ ਸੂਰਜ ਦੀ ਰੌਸ਼ਨੀ ਵਿੱਚ ਚੰਗਾ ਵਧਦੀਆਂ-ਫੁੱਲਦੀਆਂ ਹਨ।

 ਲੰਬੇ ਪੌਦੇ ਬਾਹਰ ਵੱਲ ਲਗਾਉਣੇ ਚਾਹੀਦੇ ਹਨ ਤਾਂਕਿ ਉਹ ਛੋਟੇ ਪੌਦਿਟਾ ਉੱਪਰ ਛਾਂ ਨਾ ਕਰਨ।

 ਇੱਕ ਪਾਸੇ ਗੇਂਦੇ ਦੇ ਪੌਦੇ ਜ਼ਰੂਰ ਲਗਾਉ ਤਾਂਕਿ ਕੀੜਿਆਂ ਨੂੰ ਕੰਟਰੋਲ ਕੀਤਾ ਜਾ ਸਕੇ।

 ਸਬਜ਼ੀਆਂ ਦੀ ਜਗਾ ਬਦਲ-ਬਦਲ ਲਾਉ ਤਾਂਕਿ ਮਿੱਟੀ ਚੋਂ ਪੈਦਾ ਹੋਣ ਵਾਲੇ ਰੋਗਾਂ ਨੂੰ ਰੋਕਿਆ ਜਾ ਸਕੇ।

 

ਬਗੀਚੀ ਲਈ ਸਬਜ਼ੀਆਂ ਦੀ ਚੋਣ

ਆਪਣੇ ਸਮੇਂ, ਪਸੰਦ ਅਤੇ ਜਗਾ ਦੀ ਉਪਲਬਧਤਾ ਦੇ ਹਿਸਾਬ ਨਾਲ ਬਗੀਚੀ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਉਗਾਈਆ ਜਾ ਸਕਦੀਆ ਹਨ।

 

ਜਨਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਸ਼ਿਮਲਾ ਮਿਰਚ

ਫਰਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਕਰੇਲਾ,ਚੱਪਣ ਕੱਦੂ, ਖਰਬੂਜਾ, ਟਿੰਡੋ, ਖੀਰਾ,ਹਲਵਾ ਕੱਦੂ,ਘੀਆ ਤੋਰੀ,ਭਿੰਡੀ,ਟਮਾਟਰ,ਰਵਾਂਹ, ਗੋਲ ਬੈਂਗਣ, ਫੈਂਚ ਬੀਨ,ਤਰਬੂਜ਼,ਅਰਬੀ

ਮਾਰਚ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਮਿਰਚ,

ਜੂਨ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਲੰਮੇ ਬੈਂਗਣ, ਮੂਲੀ, ਫੁੱਲ ਗੋਭੀ, ਛੋਟੇ ਬੈਂਗਣ,

ਅਗਸਤ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਪਿਆਜ਼,ਧਨੀਆ

ਸਤੰਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ – ਸ਼ਲਗਮ, ਗਾਜਰ, ਬੰਦ ਗੋਭੀ, ਲਹੁਸਣ, ਪਾਲਕ

ਅਕਤੂਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ- ਮਟਰ, ਆਲੂ, ਮਿੱਠੀ ਫਲੀ, ਸਰੋਂ

ਸਾਉਣੀ ਦੀਆਂ ਦਾਲਾਂ – ਮੂੰਗੀ ਅਤੇ ਮਾਂਹ

ਹਾੜ੍ਹੀ ਦੀਆਂ ਦਾਲਾਂ – ਛੋਲੇ ਅਤੇ ਮਸਰ

 

ਬਗੀਚੀ ਵਿੱਚ ਸਹਾਇਕ ਪੌਦਿਆਂ ਨੂੰ ਲਗਾਉਣਾ

ਸਿਹਤਮੰਦ ਪੌਦਿਆ ਲਈ ਅਤੇ ਉਹਨਾਂ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ।ਜੜ੍ਹੀ -ਬੂਟੀਆਂ ਲਗਾਉਣ ਨਾਲ ਨਾ ਸਿਰਫ ਕੀੜੇ ਕੰਟਰੋਲ ਹੋਣਗੇ ਬਲਕਿ ਸਾਨੂੰ ਵੀ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੜ੍ਹੀ -ਬੂਟੀਆਂ ਉਪਲਬਧ ਰਹਿਣਗੀਆਂ। ਹੇਠਾਂ ਕੁੱਝ ਜੜ੍ਹੀ -ਬੂਟੀਆਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਬਗੀਚੀ ਵਿੱਚ ਲਗਾਈਆ ਜਾ ਸਕਦੀਆ ਹਨ।

ਤੁਲਸੀ – ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ।

ਲਹੁਸਣ – ਚੇਪੇ ਨੂੰ ਕਾਬੂ ਕਰਦੀ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।

ਅਜਵਾਇਣ – ਬੰਦ ਗੋਭੀ ਦੇ ਨੇੜੇ ਬੀਜਣ ਤੇ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।

ਗੇਂਦਾਂ – ਜੜ ਵਿੱਚੋ ਇੱਕ ਤਰਲ ਛੱਡਦਾ ਹੈ ਜਿਸ ਨਾਲ ਜੜ੍ਹਾਂ  ਨੂੰ ਖਾਣ ਵਾਲੇ ਕੀੜੇ ਖਤਮ ਹੁੰਦੇ ਹਨ।

Comments

Posted in Uncategorized and tagged , , .

Leave a Reply